ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ

ਪਟਿਆਲਾ, 25 ਦਸੰਬਰ:
ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸਾਂ ਨੂੰ ਹੱਲ ਕਰਨ ‘ਚ ਕਾਮਯਾਬੀ ਹਾਸਲ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਦੀ ਭਾਲ ਜਾਰੀ ਹੈ।
ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ ਨੇ ਦੱਸਿਆ ਕਿ 16 ਦਸੰਬਰ 2020 ਨੂੰ ਗੁਜਰਾਲ ਗਿਫ਼ਟ ਹਾਊਸ ਲਹਿਲ ਕਲੋਨੀ ਪਟਿਆਲਾ ਵਿਖੇ ਨਾ-ਮਾਲੂਮ ਵਿਅਕਤੀ ਵੱਲੋਂ ਮੁਦਈ ਜਸਵਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਗਏ ਸਨ ਪਰ ਪਿਸਟਲ ਨਾ ਚੱਲਣ ਕਰਕੇ ਜਸਵਿੰਦਰ ਸਿੰਘ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਦੱਸਿਆ ਇਸ ਆਧਾਰ ‘ਤੇ ਮੁਕੱਦਮਾ ਨੰਬਰ 343 ਮਿਤੀ 16/12/20 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਸੀ,
ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤੇ ਇਹ ਗੱਲ ਸਾਹਮਣੇ ਲਿਆਂਦੀ ਕਿ ਇਸ ਵਾਰਦਾਤ ‘ਚ ਇੰਦਰਪਾਲ ਸਿੰਘ ਉਰਫ਼ ਇੰਦਰ, ਹਰਪ੍ਰੀਤ ਸਿੰਘ ਉਰਫ਼ ਹਨੀ ਅਤੇ ਗੁਰਜੋਤ ਸਿੰਘ ਉਰਫ਼ ਲੱਕੀ ਸ਼ਾਮਲ ਸਨ ਅਤੇ ਇਨ੍ਹਾਂ ਵੱਲੋਂ ਵਾਰਦਾਤ ਸਮੇਂ ਬਰੀਜਾ ਗੱਡੀ ਪੀਬੀ-65ਏਕੇ-2170 ਰੰਗ ਚਿੱਟਾ ਦਾ ਇਸਤੇਮਾਲ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਪੁੱਤਰ ਗੁਲਜੀਤ ਸਿੰਘ ਵਾਸੀ ਸੈਕਟਰ 22-ਸੀ ਚੰਡੀਗੜ੍ਹ ਨੂੰ ਉਸ ਦੇ ਘਰ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਨਾਲ ਵਾਰਦਾਤ ‘ਚ ਸ਼ਾਮਲ ਰਹੇ ਗੁਰਜੋਤ ਸਿੰਘ ਉਰਫ਼ ਲੱਕੀ ਪੁੱਤਰ ਰਘੁਵੀਰ ਸਿੰਘ ਵਾਸੀ ਬੂਰ ਮਾਜਰਾ ਥਾਣਾ ਕੁਰਾਲੀ ਜ਼ਿਲ੍ਹਾ ਰੋਪੜ ਨੂੰ ਮਿਤੀ 24 ਦਸੰਬਰ ਨੂੰ ਸੀ.ਆਈ.ਏ ਪਟਿਆਲਾ ਵੱਲੋ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇੰਦਰਪਾਲ ਸਿੰਘ ਜੋ ਕਿ ਸੈਕਟਰ 22 ਡੀ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪ੍ਰੰਤੂ ਕਿਸੇ ਕਾਰਨ ਲੜਕੀ ਦੇ ਪਰਿਵਾਰ ਵੱਲੋ ਇੰਦਰਪਾਲ ਸਿੰਘ ਉਰਫ਼ ਇੰਦਰ ਦੇ ਪਰਿਵਾਰ ਨੂੰ ਵਿਆਹ ਲਈ ਹਾਮੀ ਨਹੀ ਭਰੀ ਸੀ ਤਾਂ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਵਿਆਹ ਨਾ ਕਰਨ ਦਾ ਕਾਰਨ ਲੱਭਣ ਲਈ ਲੜਕੀ ਦੀ ਫੇਸਬੁੱਕ ਵਿੱਚੋਂ ਇਸ ਦੇ ਸੰਪਰਕ ਵਿੱਚ ਆਏ ਜਸਵਿੰਦਰ ਸਿੰਘ ਦੇ ਬੇਟੇ ਬਾਰੇ ਘੋਖ ਕੀਤੀ ਤਾਂ ਲੜਕੀ ਦੇ ਫੇਸਬੁੱਕ ਵਿੱਚੋਂ ਇਸ ਨੂੰ ਪਤਾ ਲੱਗਾ ਕਿ ਇਹ ਆਪਸ ਵਿਚ ਚੰਗੇ ਦੋਸਤ ਹਨ, ਇਸੇ ਕਾਰਨ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਲੜਕੇ ਦੇ ਪਿਤਾ ਜਸਵਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਸੀ।
ਤਫ਼ਤੀਸ਼ ਦੌਰਾਨ ਇੰਦਰਪਾਲ ਸਿੰਘ ਉਰਫ਼ ਇੰਦਰ ਨੇ ਇਹ ਵੀ ਕਬੂਲ ਕੀਤਾ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਦੇ ਵਿਆਹ ਦੀ ਮੰਗ ਨੂੰ ਠੁਕਰਾਉਣ ਕਰਕੇ ਇੰਦਰਪਾਲ ਸਿੰਘ ਉਰਫ਼ ਇੰਦਰ ਵੱਲੋ ਆਪਣੇ ਸਾਥੀ ਹਰਪ੍ਰੀਤ ਸਿੰਘ ਹਨੀ ਨਾਲ ਮਿਲਕੇ ਲੜਕੀ ਦੇ ਪਿਤਾ ‘ਤੇ ਮਿਤੀ 25 ਅਕਤੂਬਰ 2020 ਨੂੰ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 180 ਮਿਤੀ 25/10/2020 ਅ/ਧ 307 ਹਿੰ:ਦਿੰ: 25 ਅਸਲਾ ਐਕਟ ਥਾਣਾ ਸੈਟਰਲ ਸੈਕਟਰ 17 ਚੰਡੀਗੜ੍ਹ ਜੋ ਕਿ ਨਾ-ਮਾਲੂਮ ਵਿਅਕਤੀ ਖਿਲਾਫ਼ ਦਰਜ ਹੋਇਆ ਸੀ ਜੋ ਹੁਣ ਤੱਕ ਅਣ-ਟਰੇਸ ਚੱਲਿਆ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਲਜਾਰ ਗਿਫ਼ਟ ਹਾਊਸ ਵਾਲੀ ਵਾਰਦਾਤ ‘ਚ ਵਰਤੀ ਗਈ ਬਰੀਜਾ ਕਾਰ ਪੀਬੀ 65 ਏਕੇ-2170 ਸਮੇਤ ਜਾਅਲੀ ਨੰਬਰ ਪਲੇਟਾ (ਪੀਬੀ-65 ਏਸੀ-6396) ਵੀ ਦੋਸ਼ੀ ਇੰਦਰਪਾਲ ਸਿੰਘ ਉਰਫ਼ ਇੰਦਰ ਦੀ ਨਿਸ਼ਾਨਦੇਹੀ ‘ਤੇ ਪਿੰਡ ਚੱਕਲਾ ਜ਼ਿਲ੍ਹਾ ਰੋਪੜ ਤੋ ਮਿਤੀ 24 ਦਸੰਬਰ 2020 ਨੂੰ ਬਰਾਮਦ ਕੀਤੀ ਗਈ ਹੈ ਇਸ ਤੋ ਇਲਾਵਾ ਦੋਸ਼ੀਆਂ ਵੱਲੋ ਵਾਰਦਾਤ ‘ਚ ਵਰਤਿਆ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਹਾਲੀ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।