Categories
India Patiala Punjab Punjabi

ਪਟਿਆਲਾ ਪੁਲਿਸ ਨੇ ਬਾਲ ਮਜ਼ਦੂਰੀ ਖਿਲਾਫ਼ ਚਲਾਇਆ ਅਪਰੇਸ਼ਨ ਮੁਸਕਾਨ

-ਰਾਜਪੁਰਾ ‘ਚ 5 ਬਾਲ ਮਜ਼ਦੂਰਾਂ ਨੂੰ ਐਸ.ਓ.ਐਸ ਵਿਖੇ ਭੇਜਿਆ
ਪਟਿਆਲਾ/ਰਾਜਪੁਰਾ, 24 ਦਸੰਬਰ:
  ਪਟਿਆਲਾ ਦੇ ਐਸ.ਐਸ.ਪੀ. ਸ਼੍ਰੀ ਵਿਕਰਮ ਜੀਤ ਦੁੱਗਲ ਵੱਲੋਂ ਨਵੀਂ ਪਹਿਲ ਕਰਦਿਆ ਬਣਾਏ ਗਏ ਉਮੀਦ ਸਪੋਰਟ ਸੈਂਟਰ ਫ਼ਾਰ ਵੁਮੈਨ ਐਂਡ ਚਿਲਡਰਨ ਜਿਸ ‘ਚ ਪਰਿਵਾਰਕ ਅਤੇ ਵਿਆਹ ਸਬੰਧੀ ਝਗੜਿਆਂ ਦੀ ਕਾਊਂਸਲਿੰਗ ਕੀਤੀ ਜਾਂਦੀ ਸੀ ਦਾ ਦਾਇਰਾ ਵਧਾਉਂਦੇ ਹੋਏ ਹੁਣ ਬੱਚਿਆਂ ਦੀ ਸੁਰੱਖਿਆ ਲਈ ਬਾਲ ਮਜ਼ਦੂਰੀ ਖਿਲਾਫ਼ ਆਪ੍ਰੇਸ਼ਨ ਮੁਸਕਾਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਅੱਜ ਐਸ.ਪੀ/ਪੀ.ਬੀ.ਆਈ ਅਤੇ ਸੁਰੱਖਿਆ ਪਟਿਆਲਾ ਡਾ. ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡੀ.ਐਸ.ਪੀ. ਰਾਜਪੁਰਾ ਸ੍ਰੀ ਗੁਰਵਿੰਦਰ ਸਿੰਘ ਵੱਲੋਂ ਰਾਜਪੁਰਾ ਸ਼ਹਿਰ ਵਿਖੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਜਾਇਜ਼ ਤੌਰ ‘ਤੇ ਮਜ਼ਦੂਰੀ ਕਰਵਾਉਣ ਦੇ ਕੰਮ ਤੋਂ ਛੁਟਕਾਰਾਂ ਦਿਵਾਉਣ ਲਈ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਸ.ਪੀ ਰਾਜਪੁਰਾ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਤੋਂ ਮਜ਼ਦੂਰੀ ਕਰਵਾਉਣ ਵਾਲਿਆ ਖਿਲਾਫ਼ ਕਾਰਵਾਈ ਕਰਨ ਲਈ ਲੇਬਰ ਵਿਭਾਗ ਨਾਲ ਤਾਲਮੇਲ ਕਰਕੇ ਇਕ ਟੀਮ ਤਿਆਰ ਕੀਤੀ ਗਈ ਜਿਸ ਵਿੱਚ ਪਦਮਜੀਤ ਸਿੰਘ ਲੇਬਰ ਇੰਸਪੈਕਟਰ, ਜੋਤੀ ਪੁਰੀ ਸੀ.ਐਚ.ਟੀ ਐਜੂਕੇਸਨ ਡਿਪਾਟਮੈਟ ਰਾਜਪੁਰਾ, ਡਾ: ਸੰਦੀਪ ਸਿੰਘ ਮੈਡੀਕਲ ਅਫਸਰ ਏ.ਪੀ ਜੈਨ ਹਸਤਪਾਲ ਰਾਜਪੁਰਾ, ਰਣਜੀਤ ਕੌਰ ਡੀ.ਸੀ.ਪੀ.ਓ, ਪੁਨੀਤ ਡੀ.ਸੀ.ਪੀ.ਓ ਅਤੇ ਡਿਊਟੀ ਮੈਜਿਸਟ੍ਰੈਟ ਰਜੀਵ ਕੁਮਾਰ ਨਾਇਬ ਤਹਿਸੀਲਦਾਰ ਰਾਜਪੁਰਾ ਦੇ ਨਾਲ ਇੰਸਪੈਕਟਰ ਗੁਰਪ੍ਰਤਾਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਰਾਜਪੁਰਾ ਤੇ ਐਸ.ਆਈ ਅਕਾਸ਼ ਸ਼ਰਮਾ ਇੰਚ: ਪੁਲਿਸ ਚੋਕੀ ਕੇ.ਐਸ.ਐਮ ਰਾਜਪੁਰਾ ਸਮੇਤ ਪੁਲਿਸ ਪਾਰਟੀ ਦੇ ਅਧਾਰਿਤ ਟੀਮ ਬਣਾ ਕੇ ਸ਼ਹਿਰ ਵਿੱਚ ਕਈ ਥਾਂਵਾ ‘ਤੇ ਛਾਪੇਮਾਰੀ ਕਰਕੇ ਸ਼ਹਿਰ ਵਿੱਚੋਂ ਚਾਰ ਦੁਕਾਨਾਂ ਤੋਂ 05 ਬੱਚੇ ਜੋ 18 ਸਾਲ ਤੋਂ ਘੱਟ ਉਮਰ ਦੇ ਸਨ ਤੋਂ ਨਜ਼ਾਇਜ ਮਜ਼ਦੂਰੀ ਕਰਵਾਉਂਦੇ ਬਰਾਮਦ ਕੀਤੇ ਗਏ ਅਤੇ ਇਨ੍ਹਾਂ ਬੱਚਿਆ ਨੂੰ ਐਸ.ਓ.ਐਸ (ਬਾਲ ਪਿੰਡ) ਰਾਜਪੁਰਾ ਵਿਖੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਇਨ੍ਹਾਂ ਬੱਚਿਆ ਤੋਂ ਮਜ਼ਦੂਰੀ ਕਰਵਾਉਣ ਵਾਲੇ ਦੁਕਾਨਦਾਰਾਂ ਦੇ ਖਿਲਾਫ਼ ਲੇਬਰ ਇੰਸਪੈਕਟਰ ਪਦਮਜੀਤ ਸਿੰਘ ਵੱਲੋਂ ਚਲਾਨ ਕੱਟੇ ਗਏ ਜਿਸ ਦਾ ਜੁਰਮਾਨਾ ਸੁਣਵਾਈ ਤੋਂ ਬਾਅਦ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦਾ ਹੋ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਬਾਲ ਮਜ਼ਦੂਰਾਂ ਦਾ ਸ਼ੋਸਣ ਰੋਕਣ ਲਈ ਸਰਕਾਰ ਦਾ ਸਾਥ ਦੇਣ ਅਤੇ ਬਾਲ ਮਜ਼ਦੂਰੀ ਕਰਵਾਉਂਦੇ ਦੁਕਾਨਦਾਰਾਂ ਅਤੇ ਹੋਰ ਵੀ ਕਈ ਕਿਸਮ ਦੇ ਅਦਾਰਿਆਂ ਦੇ ਮਾਲਕਾ ਸਬੰਧੀ ਧਿਆਨ ਵਿੱਚ ਲਿਆਉਣ ਤਾਂ ਜੋ ਬਾਲ ਮਜ਼ਦੂਰੀ ਰੋਕੀ ਜਾ ਸਕੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸਮੇਂ-ਸਮੇਂ ‘ਤੇ ਹੋਰ ਵੀ ਛਾਪੇਮਾਰੀ ਕੀਤੀ ਜਾਵੇਗੀ।